ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ,
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ ਪਿਆਰ ਦਾ,
ਨਾ ਦਿੱਤੀ ਪਿੰਡ ਨੇ ਲੱਕੜੀ ਨਾ ਦਿੱਤਾ ਬੋਲ ਸਤਿਕਾਰ ਦਾ,
ਅਸੀਂ ਕੱਲਿਆਂ ਮੋਢੀਂ ਚੱਕਿਆ ਜ਼ਨਾਜਾ ਚੰਦਰੇ ਯਾਰ ਦਾ,
ਉਹਦੇ ਹੱਢੀਂ ਕੋਲਾ ਮਘ ਰਿਹਾ ਜਿਵੇਂ ਆਇਰਨ ਕਿਸੇ ਲੁਹਾਰ ਦਾ,
ਧੁਸ ਜਾਣਾ ਚੱਮ ਵਿੱਚ ਸ਼ੂਕਦਾ, ਲੋਹ ਬਣ ਕੇ ਤਿੱਖੀ ਧਾਰ ਦਾ,
ਧੁੱਪ ਪੱਲੜੇ ਕਰ ਕਰ ਵੇਖਦੀ, ਪੁੱਤ ਸਮਝੇ ਮੱਚਦੇ ਥਾਰ ਦਾ,
ਇਹਨੇ ਮੋਹ ਕਦ ਹੈ ਸੇਕਿਆ, ਇਹਦੇ ਦਿਲ ਵਿੱਚ ਮੱਚਦੀ ਠਾਰ ਦਾ,
ਝੁੰਡ ਬੱਦਲਾਂ ਦੇ ਵੀ ਥਿੜ ਗਏ, ਘੁੰਡ ਕੱਢ ਕੇ ਛੁੱਟੜ ਨਾਰ ਦਾ,
ਤਿਰਕਾਲਾਂ ਆ ਆ ਸੇਕ ਗਈਆਂ, ਪਿੰਜਰ ਮੱਚਦਾ ਮੇਰੇ ਯਾਰ ਦਾ,
ਵਹਿੰਦੇ ਦਰਿਆ ਠਹਿਰ ਗਏ, ਵੇਖ ਠੀਕਰ ਉਸਦੀ ਰਾਖ ਦਾ,
ਅਸੀਂ ਜ਼ਹਿਰ ਪਾ ਪਾ ਪੀ ਲਿਆ ਉਹਦੀ ਫੁੱਲਾਂ ਵਾਲੀ ਖਾਰ ਦਾ,
ਰਹੇ ਨੇਤਰ ਜ਼ਰਦੇ ਰਾਤ ਤੱਕ ਮੇਰੇ ਸਿਰ ਨੂੰ ਚੜੀ ਖੁਮਾਰ ਦਾ,
ਉਹਦੇ ਬੁਝਦਿਆਂ ਬੁਝਦਿਆਂ ਲਾ ਗਏ ਅਸੀਂ ਦੀਵਾ ਕੌਲ ਕਰਾਰ ਦਾ...

Leave a Comment