ਨੰਗ ਬਣਾ ਦੇਣਗੇ ਬੀਬਾ, ਮੰਗਣ ਲਾ ਦੇਣਗੇ ਬੀਬਾ,
ਸੂਟੇ ਲਵਾ ਦੇਣਗੇ ਬੀਬਾ, ਆਦਤ ਪਾ ਦੇਣਗੇ ਬੀਬਾ,
ਨਾਂ ਜਾਈਂ ਮਸਤਾਂ ਦੇ ਡੇਰੇ, ਨਸ਼ੇੜੀ ਬਣਾ ਦੇਣਗੇ ਬੀਬਾ,
ਘਰੋਂ ਕਢਾ ਦੇਣਗੇ ਬੀਬਾ, ਮੰਗਤੇ ਬਣਾ ਦੇਣਗੇ ਬੀਬਾ...

ਜਦ ਫ਼ੀਮ ਮਿਲੇ ਨਾਂ ਭੁੱਕੀ ਨੀਂ, ਥਾਣਿਓਂ ਵੀ ਹੋਵੇ ਮੁੱਕੀ ਨੀਂ,
ਤੂੰ ਲਾਹ ਪੈਰਾਂ ‘ਚੋਂ ਜੁੱਤੀ ਨੀਂ, ਆ ਜਾਵੀਂ ਬੂਥਾ ਚੁੱਕੀ ਨੀਂ,
ਮਾਲ ਛਕਾ ਦੇਣਗੇ ਬੀਬਾ, ਟਾਇਮ ਟਪਾ ਦੇਣਗੇ ਬੀਬਾ,
ਨਸ਼ੇ ਵੇਚਣ ਲਾ ਦੇਣਗੇ ਬੀਬਾ, ਨਾਂ ਜਾਈਂ ਮਸਤਾਂ ਦੇ ਡੇਰੇ,
ਨਸ਼ੇੜੀ ਬਣਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ....

ਨਾਂ ਚਿੜੀਆਂ ਦਾ ਨਾਂ ਬਾਜ਼ਾਂ ਦਾ, ਇਹ ਦੇਸ਼ ਹੈ ਘਪਲੇਬਾਜ਼ਾਂ ਦਾ,
ਹਰ ਪਾਸੇ ਮਾਰਾ ਮਾਰੀ ਐ, ਹੱਦ ਟੱਪ ਗਈ ਬੇਰੁਜ਼ਗਾਰੀ ਐ,
ਬਜਰੀ ਨਾਂ ਗਟਕਾ ਰੇਤਾ ਏ, ਹਰ ਮੋੜ ਤੇ ਖੁੱਲ੍ਹਿਆ ਠੇਕਾ ਏ,
ਮਹਿੰਗਾਈ ਸੁੱਕਣੇ ਪਾਇਆ ਏ, ਆਲੂ ਗੰਢਿਆਂ ਦਾ ਤਾਇਆ ਏ,
ਵਿੱਚ ਅਦਾਲਤਾਂ ਦੇ ਇਨਸਾਫ਼ ਨਹੀਂ, ਮਾੜੇ ਨੂੰ ਕੁੱਝ ਵੀ ਮੁਆਫ਼ ਨਹੀਂ,
ਲਵਾ ਸੁਲਫੇ ਦਾ ਲੰਮਾ ਸੂਟਾ, ਕਸ਼ਟ ਵਧਾ ਦੇਣਗੇ ਬੀਬਾ,
ਰਾਹ ਨਰਕਾਂ ਦੇ ਪਾ ਦੇਣਗੇ ਬੀਬਾ, ਨਾਂ ਜਾਈਂ ਮਸਤਾਂ ਦੇ ਡੇਰੇ,
ਨਸ਼ੇੜੀ ਬਣਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ...

ਹੈ ਮਸਤੀ ਦੁਨੀਆਂ ਸਾਰੀ ਨੀਂ, ਨਾ ਕਿਸੇ ਨੂੰ ਕੋਈ ਬੀਮਾਰੀ ਨੀਂ,
ਲੁੱਟੇ ਵੀ ਲੋਕੀਂ ਜਾਂਦੇ ਨੇ, ਕੁੱਟੇ ਵੀ ਲੋਕੀਂ ਜਾਂਦੇ ਨੇ,
ਖੁਦਕੁਸ਼ੀਆਂ ਪਿਆ ਕੋਈ ਕਰਦਾ ਏ, ਕੋਈ ਆਪਣੀ ਮੌਤ ਨਾਂ ਮਰਦਾ ਏ,
ਗਾਉਣ ਵਾਲੇ ਵੀ ਘੱਟ ਹੈ ਨਹੀਂ, ਜੋ ਦੱਸਦੇ, ਦਿਸਦਾ ਜੱਟ ਹੈ ਨਹੀਂ,
ਕੁੜੀਆਂ ਨੂੰ ਪੁਰਜ਼ਾ ਬਣਾਉਂਦੇ ਨੇ, ਸਕੀਆਂ ਤੋਂ ਅੱਖ ਚੁਰਾਉਂਦੇ ਨੇ,
ਲੋਕਾਂ ਦਾ ਆਵਾ ਊਤ ਗਿਆ, ਕੋਈ ਅਣਖ ਇਨ੍ਹਾਂ ਦੀ ਸੂਤ ਗਿਆ,
ਨਾਂ ਸੱਚ ਰਿਹਾ ਨਾਂ ਝੂਠ ਗਿਆ, ਥਾਲੀ ਵਿੱਚ ਕੁੱਤਾ ਮੂਤ ਗਿਆ,
ਸਾੜ੍ਹਸਤੀ ਸਿਰ ਚੜ੍ਹੀ ਹੋਈ, ਬਾਦਲ ਦੀ ਮੁੱਛ ਪਰ ਖੜ੍ਹੀ ਹੋਈ,
ਨੰਨ੍ਹੀ ਛਾਂ ਢੋਂਗ ਰਚਾ ਬੀਬਾ, ਨਾਂ ਜੈ ਨਸ਼ੇੜੀਆਂ ਦੀ ਗਾ ਬੀਬਾ,
ਨਾਂ ਗਾਇਆ ਕਰ ਤੂੰ ਜੈ ਮਸਤਾਂ ਦੀ, ਐਨ ਘਸਾ ਦੇਣਗੇ ਬੀਬਾ,
ਔਗਣਾਂ ਵਾਲੀ ਬਣਾ ਦੇਣਗੇ ਬੀਬਾ, ਨਾਂ ਜਾਈਂ ਮਸਤਾਂ ਦੇ ਡੇਰੇ,
ਨਸ਼ੇੜੀ ਬਣਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ....

Leave a Comment